ਸ੍ਰੀ ਅੰਨਦੁ ਸਾਹਿਬ । Sri Anand Sahib...
ਅਨੰਦੁ ਸਾਹਿਬ:- ਸਤਿਕਾਰ ਵਜੋਂ ‘ਅਨੰਦੁ’ ਦੀ ਬਾਣੀ ਨੂੰ ‘ਅਨੰਦੁ ਸਾਹਿਬ’ ਕਿਆ ਜਾਂਦਾ ਹੈ। ‘ਅਨੰਦੁ ਸਾਹਿਬ’ ਦੀ ਬਾਣੀ ਸ੍ਰੀ ਗੁਰੂ ਅਮਰ ਦਾਸ ਜੀ ਦੀ ਉਚਾਰੀ ਹੋਈ ਬਾਣੀ ਹੈ। ਇਸ ਬਾਣੀ ਦੀਆਂ ੪੦ ਪਉੜੀਆਂ ਹਨ।
‘ਸਿੱਖ ਰਹਿਤ ਮਰਯਾਦਾ’ ਦਸਤਾਵੇਜ਼ ਅਨੁਸਾਰ ਇਸ ਬਾਣੀ ਦੀਆਂ ਪਹਿਲੀਆਂ ੫ ਪਉੜੀਆਂ ਅਤੇ ਅੰਤਲੀ ਪਉੜੀ ਸ਼ਾਮ ਦੇ ਰਹਿਰਾਸ ਸਾਹਿਬ ਦੇ ਪਾਠ ਵੇਲੇ, ਅਖੰਡ ਪਾਠ ਜਾਂ ਸਹਿਜ ਪਾਠ ਦੇ ਅਰੰਭ ਵੇਲੇ, ਦੇਗ ਦੀ ਅਰਦਾਸ ਤੋਂ ਪਹਿਲਾਂ, ਜਨਮ-ਨਾਮ ਸੰਸਕਾਰ ਵੇਲੇ, ਅਨੰਦ ਸੰਸਕਾਰ ਦੇ ਭੋਗ ਵੇਲੇ, ਅਤੇ ਮ੍ਰਿਤਕ ਸੰਸਕਾਰ ਦੇ ਭੋਗ ਵੇਲੇ ਪੜ੍ਹਨ ਦੀ ਰੀਤ ਹੈ। ‘ਸਿੱਖ ਰਹਿਤ ਮਰਯਾਦਾ’ ਦਸਤਾਵੇਜ਼ ਅਨੁਸਾਰ ਸਵੇਰ ਦੇ ਨਿਤਨੇਮ, ਸਹਿਜ ਪਾਠ ਜਾਂ ਅਖੰਡ ਪਾਠ ਦੇ ਭੋਗ ਵੇਲੇ, ਅਤੇ ਅੰਮ੍ਰਿਤ (ਖੰਡੇ ਬਾਟੇ ਦੀ ਪਾਹੁਲ) ਤਿਆਰ ਕਰਨ ਵੇਲੇ ਸਿਰਫ ‘ਅਨੰਦੁ ਸਾਹਿਬ’ ਦਾ ਜ਼ਿਕਰ ਹੈ, ੬ ਪਉੜੀਆਂ ਦਾ ਨਹੀਂ। ਜਿਸ ਦਾ ਭਾਵ ਹੈ ਪੂਰਾ ੪੦ ਪਉੜੀਆਂ ਦਾ ਪਾਠ ਕਰਨਾ ਹੈ।
ਛਪਾਈ ਵਾਲੇ ਸਰੂਪਾਂ ਅਤੇ ਹੱਥ ਲਿਖਤ ਬੀੜਾਂ ਵਿੱਚ ਸ੍ਰੀ ਅੰਨਦੁ ਸਾਹਿਬ ਦੇ ਲਿਖੇ ਹੋਏ ਮੰਗਲ ਦਾ ਮਤ-ਭੇਦ ਹੈ। ਸ਼੍ਰੋਮਣੀ ਕਮੇਟੀ ਦੇ ਪਹਿਲੇ ਅਤੇ ਵਰਤਮਾਨ ਛਪਾਏ ਗੁੱਟਕਿਆਂ ਅਤੇ ਸੈਂਚੀਆਂ ਵਿੱਚ ਵੀ ਮਤ-ਭੇਦ ਹੈ। ਪਹਿਲੀ ਛਪਾਈ ਵਾਲੀਆਂ ਸੈਂਚੀਆਂ ਅਤੇ ਗੁੱਟਕਿਆਂ ਵਿੱਚ ਸਾਰੀਆਂ ਬਾਣੀਆਂ ਦੇ ਮੰਗਲ ਪਹਿਲਾਂ ਲਿਖੇ ਹੋਏ ਮਿਲਦੇ ਹਨ:
ਸ਼੍ਰੋਮਣੀ ਕਮੇਟੀ ਵਲੋਂ ਛਪਾਈਆਂ ਗਈਆਂ ਪੰਜ ਗ੍ਰੰਥੀ ਵਾਲੀ ਪੋਥੀ ਦੀਆਂ ਫੋਟੋਆਂ। ਖੱਬੇ: ਸਤੰਬਰ ੧੯੫੮ ਦੀ ਛਪਾਈ ਪੰਜ ਗ੍ਰੰਥੀ ਪੋਥੀ। ਸੱਜੇ: ਸਤੰਬਰ ੨੦੧੦ ਦੀ ਛਪਾਈ ਪੰਜ ਗ੍ਰੰਥੀ ਪੋਥੀ।
ਸ਼੍ਰੋਮਣੀ ਕਮੇਟੀ ਦੇ ਛਪਾਏ ਪਾਵਨ ਸਰੂਪਾਂ ਵਿੱਚ ‘ਰਾਮਕਲੀ ਮਹਲਾ ੩ ਅਨੰਦੁ’ ਦਾ ਸਿਰਲੇਖ ਪਹਿਲਾਂ ਹੈ ਅਤੇ ਫਿਰ ‘ੴ ਸਤਿਗੁਰਪ੍ਰਸਾਦਿ’ ਦਾ ਮੰਗਲ ਮਿਲਦਾ ਹੈ। ਪਰ ਹੱਥ ਲਿਖਤ ਬੀੜਾਂ, ਖਾਸ ਕਰਕੇ ਮੁੱਢਲੀਆਂ ਬੀੜਾਂ ਵਿੱਚ ਮੰਗਲ ਪਹਿਲਾਂ ਲਿਖਿਆ ਮਿਲਦਾ ਹੈ ਅਤੇ ਸਿਰਲੇਖ ਵਿੱਚ ‘ਰਾਮਕਲੀ’ ਦੀ ਥਾਂ ਤੇ ‘ਰਾਗੁ ਰਾਮਕਲੀ’ ਵੀ ਲਿਖਿਆ ਮਿਲਦਾ ਹੈ।